ਜੀਹਦਾ ਖੇਤ, ਓਹਦੀ ਰੇਤ: ਹੜ੍ਹ ਕਾਰਨ ਨੁਕਸਾਨ ਉਠਾਉਣ ਵਾਲੇ ਕਿਸਾਨਾਂ ਲਈ ਰਾਹਤ ਯੋਜਨਾ

ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਇੱਕ ਵੱਡੀ ਸਹੂਲਤ ਦਿੱਤੀ ਹੈ। ਹੁਣ ਕਿਸਾਨ ਆਪਣੇ ਖੇਤਾਂ ਵਿੱਚ ਜਮ੍ਹੀ ਰੇਤ ਅਤੇ ਮਿੱਟੀ ਨੂੰ ਵੇਚ ਸਕਣਗੇ। ਇਸ ਫੈਸਲੇ ਨਾਲ ਉਹਨਾਂ ਨੂੰ ਖੇਤੀਬਾੜੀ ਮੁੜ ਸ਼ੁਰੂ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਕੁਝ ਆਰਥਿਕ ਨੁਕਸਾਨ ਦੀ ਪੂਰਤੀ ਵੀ ਹੋ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੱਤੀ ਕਿ ‘ਜੀਹਦਾ ਖੇਤ, ਓਹਦੀ ਰੇਤ’ ਸਕੀਮ ਅਧੀਨ ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਰੇਤ ਹਟਾਉਣ ਅਤੇ ਵੇਚਣ ਦਾ ਪੂਰਾ ਹੱਕ ਦਿੱਤਾ ਗਿਆ ਹੈ। ਨਾਲ ਹੀ ਹੜ੍ਹ ਨਾਲ ਤਬਾਹ ਹੋਈਆਂ ਫਸਲਾਂ ਲਈ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਸਹਾਇਤਾ ਦੀ ਘੋਸ਼ਣਾ ਵੀ ਕੀਤੀ ਗਈ ਹੈ।

ਜੀਹਦਾ ਖੇਤ, ਓਹਦੀ ਰੇਤ’ ਨੀਤੀ ਦੇ ਮੁੱਖ ਬਿੰਦੂ

ਖੇਤਾਂ ਵਿੱਚ ਜਮ੍ਹੀ ਰੇਤ ਅਤੇ ਮਿੱਟੀ ਨੂੰ ਹਟਾ ਕੇ ਕਿਸਾਨ ਆਪਣੀ ਮਰਜ਼ੀ ਨਾਲ ਨਿੱਜੀ ਵਰਤੋਂ ਲਈ ਜਾਂ ਵੇਚ ਸਕਣਗੇ।

  • ਇਸ ਪ੍ਰਕਿਰਿਆ ਨੂੰ ਮਾਈਨਿੰਗ ਨਹੀਂ ਮੰਨਿਆ ਜਾਵੇਗਾ, ਇਸ ਲਈ ਕਿਸਾਨਾਂ ਨੂੰ ਕੋਈ ਵਾਤਾਵਰਣ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ।
  •  ਰੇਤ ਵੇਚਣ ਲਈ ਕਿਸੇ ਵੀ ਪਰਮਿਟ ਜਾਂ ਰੋਇਲਟੀ ਦੀ ਲੋੜ ਨਹੀਂ ਪਵੇਗੀ।
  •  ਸਿਰਫ਼ ਹੜ੍ਹ ਨਾਲ ਜਮ੍ਹੀ ਰੇਤ ਹੀ ਹਟਾਈ ਜਾ ਸਕੇਗੀ, ਜ਼ਮੀਨ ਦੀ ਖੁਦਾਈ ਕਰਕੇ ਕੀਤੀ ਮਾਈਨਿੰਗ ਗੈਰ-ਕਾਨੂੰਨੀ ਮੰਨੀ ਜਾਵੇਗੀ।
  •  ਇਹ ਨੀਤੀ ਸਿਰਫ਼ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਲਾਗੂ ਹੋਵੇਗੀ।
  •  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਹੇਠ ਖੇਤਾਂ ਦੀ ਪਛਾਣ ਅਤੇ ਕਾਰਵਾਈ ਹੋਵੇਗੀ।

ਮਾਲਕ ਜਾਂ ਕਾਸ਼ਤਕਾਰ: ਹੱਕ ਕਿਸਦਾ?

ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਇਸ ਮਾਮਲੇ 'ਤੇ ਸਵਾਲ ਸੀ ਕਿ ਰੇਤ ਵੇਚਣ ਦਾ ਹੱਕ ਜ਼ਮੀਨ ਦੇ ਮਾਲਕ ਕੋਲ ਹੋਵੇਗਾ ਜਾਂ ਕਾਸ਼ਤਕਾਰ ਕੋਲ।

ਮਾਈਨਿੰਗ ਮੰਤਰੀ ਬਰਿੰਦਰ ਗੋਇਲ ਦੇ ਅਨੁਸਾਰ, ਇਸ ਪਾਲਿਸੀ ਵਿੱਚ ਜ਼ਮੀਨ ਉੱਤੇ ਖੇਤੀ ਕਰ ਰਹੇ ਕਿਸਾਨ ਨੂੰ ਹੀ ਮਾਲਕ ਮੰਨਿਆ ਗਿਆ ਹੈ। ਇਸ ਲਈ ਖੇਤ ਵਿੱਚ ਰੇਤ ਵੇਚਣ ਦਾ ਹੱਕ ਕਾਸ਼ਤਕਾਰ ਕਿਸਾਨ ਨੂੰ ਹੀ ਦਿੱਤਾ ਗਿਆ ਹੈ।

ਰੇਤ ਵੇਚਣ ਦੀ ਮਿਆਦ

ਮਾਈਨਿੰਗ ਵਿਭਾਗ ਮੁਤਾਬਕ ਕਿਸਾਨ 31 ਦਸੰਬਰ ਤੱਕ ਖੇਤਾਂ ਤੋਂ ਰੇਤ ਹਟਾ ਕੇ ਵੇਚ ਸਕਣਗੇ। ਹਾਲਾਂਕਿ ਮਾਈਨਿੰਗ ਮੰਤਰੀ ਨੇ ਕਿਹਾ ਕਿ ਇਹ ਪ੍ਰਕਿਰਿਆ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।